Sunday, December 30, 2012

ਮੇਰੀ ਅੱਖ ਦਾ ਇੱਕ ਹੰਝੂ ਲੈ ਜਾਹ!

ਹੋਰ ਤਾਂ ਮੈਂ ਤੈਨੂੰ ਕੁਝ ਦੇਣ ਜੋਗਾ ਨਹੀਂ,
ਲੈ, ਮੇਰੀ ਅੱਖ ਦਾ ਇੱਕ ਹੰਝੂ ਲੈ ਜਾਹ, ਦਾਮਿਨੀ!
ਅੱਜ ਤੂੰ ਨਹੀਂ, ਇਨਸਾਨੀਅਤ, 
ਤੇ ਸਾਡੇ ਲੀਡਰਾਂ ਦੀ ਰਹਿੰਦੀ-ਖੂੰਹਦੀ ਜ਼ਮੀਰ ਮਰੀ ਐ!
ਤੈਨੂੰ ਅੱਖ ਦਾ ਹੰਝੂ ਅਰਪਨ ਕਰਦਾ ਹੋਇਆ,
ਓਸ ਸਵਿਧਾਨ 'ਤੇ 'ਧਤੂਰੇ' ਦਾ ਫ਼ੁੱਲ ਚੜ੍ਹਾਉਂਦਾ ਹਾਂ,
ਜੋ ਪਤਾ ਨਹੀਂ ਕਿੰਨੀਆਂ ਕੁ ਦਾਮਨੀਆਂ ਦੇ
ਦਾਮਨ ਦਾਗੀ ਹੋਣ ਤੋਂ ਬਚਾ ਨਹੀਂ ਸਕਿਆ!
ਨਾ ਤਾਂ ਤੈਨੂੰ ਅਲਵਿਦਾ ਕਹੂੰਗਾ,
ਤੇ ਦਿਊਂਗਾ ਸ਼ਰਧਾਂਜਲੀ
ਕਿਉਂਕਿ ਤੂੰ ਤਾਂ
ਹਰ ਜਾਗਦੀ ਜ਼ਮੀਰ ਵਾਲ਼ੇ ਇਨਸਾਨ ਦੇ
ਹਿਰਦੇ 'ਤੇ ਵਾਸ ਕਰੇਂਗੀ!
ਚਾਹੇ ਤੂੰ ਚੜ੍ਹ ਗਈ ਹੈਂ,
ਢੀਠ ਅਤੇ ਭ੍ਰਿਸ਼ਟ ਢਾਂਚੇ ਦੀ ਭੇਂਟ,
ਪਰ ਤੇਰਾ ਬਲੀਦਾਨ
ਕੋਈ ਨਾ ਕੋਈ ਰੰਗ ਜ਼ਰੂਰ ਲਿਆਵੇਗਾ!
ਸੱਪ ਮਾਰ ਕੇ ਸੋਟੀ ਬਚਾਉਣ ਵਾਲ਼ੇ
ਦੱਲੇ ਅਤੇ ਮਾਂਦਰੀ ਤਾਂ ਮੈਂ ਬਥੇਰੇ ਦੇਖੇ
ਪਰ ਬੰਦੇ ਦਾ ਖ਼ੂਨ ਪੀ ਕੇ
ਉਸ ਨੂੰ ਬਚਾਉਣ ਵਾਲ਼ਾ ਕੋਈ ਨਾ ਟੱਕਰਿਆ!!

****

ਹੋਰ ਪੜੋ...

Sunday, November 11, 2012

ਤੂੰ ਮੇਰੀ ਰੂਹ ਹੈਂ

ਤੂੰ ਚੱਲੀ ਹੈਂ ਤੇ ਮੇਰੀ ਰੂਹ ਉਦਾਸ ਹੈ!
ਪਰ ਫ਼ਿਕਰ ਨਾ ਕਰੀਂ!!
ਤੁਰਾਂਗਾ ਪ੍ਰਛਾਂਵਾਂ ਬਣ ਕੇ ਤੇਰੇ ਸੰਗ
ਤੇਰੇ ਹਰ ਸਾਹ ਨਾਲ਼ ਵਿਚਰਾਂਗਾ ਤੇਰੇ ਨਾਲ਼-ਨਾਲ਼!
ਜਿਸ ਤਰ੍ਹਾਂ ਲੰਘ ਜਾਂਦੀ ਹੈ ਰਾਤ, ਸਵੇਰ ਦੀ ਉਡੀਕ ਵਿਚ
ਉਸੀ ਤਰ੍ਹਾਂ ਸਾਰਾ ਦਿਨ ਲੰਘ ਜਾਂਦੈ
ਤੇਰੀ ਉਡੀਕ ਵਿਚ!
ਤੇਰੀ ਮਿੱਠੀ ਯਾਦ ਤਾਂ ਆਉਂਦੀ ਹੈ,
ਹਰ ਸਾਹ ਨਾਲ਼ ਟੰਗੀ
…ਤੇ ਦੇ ਜਾਂਦੀ ਐ ਸੀਤ ਹੁਲਾਰਾ, ਤੇ ਫ਼ਿਰ ਸਰਦ ਹਾਉਕਾ!
ਤੇਰੀ ਸੂਰਤ ਝਲਕਦੀ ਰਹਿੰਦੀ ਹੈ,
ਵਹਿੰਦੇ ਪਾਣੀ 'ਤੇ ਲਿਸ਼ਕੋਰ ਵਾਂਗ!
…ਤੇ ਮੈਂ…? ਮੈਂ ਕਿਸੇ ਸੈਨਿਕ ਵਾਂਗ
'ਸੈਲਿਊਟ' ਮਾਰਦਾ ਰਹਿੰਦਾ ਹਾਂ!
ਨਾ ਰਲ਼ਾਇਆ ਕਰ ਕਾਗਾਂ ਸੰਗ ਮੈਨੂੰ,
ਆਪਣੀ ਕਲਪਨਾ ਵਿਚ!
ਸੱਜਣਾਂ, ਮੈਂ ਤਾਂ ਤੇਰੀ ਪ੍ਰਵਾਜ਼ ਵਿਚ ਹੀ ਮਸਤ ਹਾਂ!
ਨਹੀਂ ਆਦਤ ਮੈਨੂੰ, ਮੋਤੀ ਛੱਡ, ਰੋੜ ਗਿਣਨ ਦੀ,
ਤੇਰੀ ਹੋਂਦ ਦਾ ਮੋਤੀ ਝੋਲ਼ੀ ਪਿਆ
ਮੈਨੂੰ ਨੂਰੋ-ਨੂਰ ਕਰੀ ਰੱਖਦੈ!
ਨਹੀਂ ਹਾਂ ਮੈਂ ਲੀੜੇ ਟੁੱਕਣ ਵਾਲ਼ੀ ਟਿੱਡੀ
ਤੇ ਨਾ ਹਾਂ ਇੱਕ ਖੂੰਜੇ ਲੱਗ ਕੇ ਰਹਿਣ ਵਾਲ਼ੀ ਮੱਕੜੀ
ਜੋ ਜਾਲ਼ ਵਿਚ ਹੀ ਬਿਤਾ ਦਿੰਦੀ ਹੈ ਆਪਣੀ ਸਾਰੀ ਜ਼ਿੰਦਗੀ
ਤੇਰੇ ਸਾਥ ਨੇ ਤਾਂ ਮੈਨੂੰ ਕੁਰਬਾਨੀ ਦੇ ਜਜ਼ਬੇ ਵਾਲ਼ੇ
ਪ੍ਰਵਾਨਿਆਂ ਸੰਗ ਵਿਚਰਨਾ ਸਿਖਾਇਐ
ਕੁਰਬਾਨ ਹੋ ਜਾਊਂਗਾ ਤੇਰੇ 'ਤੋਂ ਸੱਜਣਾਂ!
ਪੜ੍ਹਨੀ ਆਉਂਦੀ ਹੈ ਨਾਗ ਦੀ ਅੱਖ ਮੈਨੂੰ,
ਤੇਰੇ ਸਾਥ ਨੇ ਪਤਾ ਨਹੀਂ ਕਮਲ਼ਾ,
…ਤੇ ਪਤਾ ਨਹੀਂ ਫ਼ਕੀਰ ਬਣਾ ਦਿੱਤੈ…?

****


ਹੋਰ ਪੜੋ...

Saturday, September 15, 2012

ਮਿੱਠੀ ਮੁਸਕੁਰਾਹਟ

ਤੇਰੀ ਮਿੱਠੀ ਮੁਸਕੁਰਾਹਟ ਦਾ ਕਾਇਲ ਹਾਂ ਮੈਂ
ਤੇਰਾ ਉਦਾਸ ਹੋ ਜਾਣਾ, ਮੈਨੂੰ ਪ੍ਰਵਾਨ ਨਹੀਂ…।।
ਉਦਾਸ ਹੋਣ ਤੋਂ ਪਹਿਲਾਂ
ਆਪਣੀ ਮੁਸਕੁਰਾਹਟ ਦਾ ਮੁੱਲ ਤਾਂ ਦੱਸੀਂ,
ਤੇਰੀ ਮੁਸਕੁਰਾਹਟ ਨਹੀਂ, ਤਾਂ ਮੇਰਾ ਜਹਾਨ ਨਹੀਂ…।।
ਤੇਰੀ ਮੁਸਕੁਰਾਹਟ ਵਿਚ ਚਮਕਦੇ ਨੇ ਚੰਦ-ਸੂਰਜ,
ਉਸ ਦੀ ਕੀ ਸਿਫ਼ਤ ਕਰਾਂ?
ਮੇਰੇ ਸ਼ਬਦਾਂ ਕੋਲ਼ ਜ਼ੁਬਾਨ ਨਹੀਂ…।।
ਕਰਾਂਗਾ ਹਰ ਸੰਭਵ ਕੋਸ਼ਿਸ਼,
ਇਸ ਨੂੰ ਸਲਾਮਤ ਰੱਖਣ ਦੀ,
ਹਾਂ ਤਾਂ ਸਿਰਫ਼ ਬੰਦਾ, ਕੋਈ ਭਗਵਾਨ ਨਹੀਂ…।।
ਲੈ ਆਵਾਂਗਾ
ਜਿੰਦ ਵੇਚ ਕੇ ਤੇਰੀ ਮੁਸਕੁਰਾਹਟ ਵਾਪਿਸ ਤੇਰੇ ਹੋਠਾਂ 'ਤੇ,
ਨਹੀਂ ਤਾਂ ਸਮਝੀਂ ਕਿ 'ਜੱਗੀ ਕੁੱਸਾ' ਦੀ,
ਮੁਹੱਬਤ ਮਹਾਨ ਨਹੀਂ…।।!

****

ਹੋਰ ਪੜੋ...

ਮੁਹੱਬਤ ਦੀ ਪ੍ਰਵਾਜ਼

ਜਦ ਵੀ ਲੈਂਦਾ ਹਾਂ ਆਪਣੇ ਦਿਮਾਗ ਦੀ ਤਲਾਸ਼ੀ,
ਤਾਂ ਮਹਿਸੂਸ ਕਰਦਾ ਹਾਂ ਕਿ,
ਕਲਪਨਾ 'ਚ ਵਾਪਰਨ ਵਾਲੀ ਘਟਨਾ ਦਾ ਅਸਰ,
ਹਕੀਕਤ 'ਚ ਵਾਪਰਨ ਵਾਲੀ ਦੁਰਘਟਨਾ ਨਾਲੋਂ
ਕਿਤੇ ਜ਼ਿਆਦਾ ਹੁੰਦਾ ਹੈ!
ਸ਼ਾਇਦ ਇਸੇ ਦੌਰ ਵਿਚੋਂ ਹੀ ਗੁਜ਼ਰ ਰਿਹਾ ਹਾਂ ਮੈਂ?
ਆਦੀ ਹੀ ਇਤਨਾ ਹੋ ਗਿਆ ਸੀ ਤੇਰੀ ਮੁਹੱਬਤ ਦਾ,
ਕਿ ਮੇਰੀ ਸੋਚਣ ਸ਼ਕਤੀ ਪੈ ਗਈ ਸੀ ਕਮਜ਼ੋਰ,
ਹੁਣ ਕਰਿਆ ਕਰੂੰਗਾ ਨਿੱਤ, ਆਪਣੇ ਆਪ ਨੂੰ ਤਿਆਰ,
ਗਿਲਾ-ਸ਼ਿਕਵਾ ਵੀ ਘਟਾਊਂਗਾ,
ਕਿਉਂਕਿ ਬਦਲਾਓ ਆਉਣ ਵੇਲ਼ੇ
'ਖੜਕਾ' ਤਾਂ ਹੁੰਦਾ ਹੀ ਹੈ ਨ੍ਹਾਂ?
…ਤੇ ਫ਼ਿਰ ਸਭ-ਕੁਛ 'ਆਮ' ਹੀ ਤਾਂ ਹੋ ਜਾਂਦੈ!
ਕਿਤੇ ਪੜ੍ਹਿਆ ਸੀ,
ਕਿ ਜੇ ਮੁਹੱਬਤ ਕਰਨੀ ਹੈ,
ਤਾਂ 'ਜ਼ਖ਼ਮੀ' ਹੋਣ ਤੇ ਪੀੜ ਸਹਿਣ ਲਈ ਵੀ ਮਨ ਤਿਆਰ ਕਰੋ!
ਪਰ ਜ਼ਖ਼ਮੀ ਹੋਣ ਲਈ ਮਨ ਤਿਆਰ ਕਰਨ ਨਾਲ਼,
ਮੁਹੱਬਤ ਘਟ ਤਾਂ ਨਹੀਂ ਜਾਂਦੀ?
ਤੂੰ ਮੁਹੱਬਤ ਦੀ ਪ੍ਰਵਾਜ਼ ਹੀ ਇਤਨੀ ਭਰਵਾ ਦਿੱਤੀ,
ਕਿ ਮੈਨੂੰ ਧਰਤੀ ਹੀ ਵਿਸਰ ਗਈ!
…ਤੇ ਜਦ ਮਜਬੂਰਨ ਅਚਾਨਕ ਮੇਰਾ,
ਧਰਤੀ ਵੱਲ ਨੂੰ ਰੁੱਖ ਹੋਇਆ
ਤਾਂ ਡਿੱਗ ਕੇ ਸੱਟ ਵੱਜਣ ਦੇ ਅਹਿਸਾਸ ਨੇ
ਮੈਨੂੰ ਆਪਣੀ 'ਪੀੜ' ਯਾਦ ਕਰਵਾਈ!
ਰੀਂਗਦਾ-ਰੀਂਗਦਾ ਮੁੜ ਫ਼ਿਰ ਤੋਂ
ਫ਼ੜ ਲਵਾਂਗਾ ਆਪਣੀ ਚਾਲ,
ਤੇ ਸਮਾਂ ਸਭ-ਕੁਛ ਸਿਖਾ ਦੇਵੇਗਾ!
ਕਿਉਂਕਿ ਹਰ ਗੱਲ ਵਾਪਰਨ ਦਾ
ਕੋਈ ‘ਕਾਰਨ’ ਤਾਂ ਹੁੰਦਾ ਹੈ!!

****

ਹੋਰ ਪੜੋ...

Sunday, August 19, 2012

ਵਲੈਤ ਦਾ ਨਾਮਵਰ ਪੰਜਾਬੀ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ.......... ਹਰਮੀਤ ਸਿੰਘ ਅਟਵਾਲ

ਧਨੁ ਲੇਖਾਰੀ ਨਾਨਕਾ...
ਆਪਣੀ ਪੁਸਤਕ 'ਚਾਰ ਵਰ੍ਹੇ' ਦੇ ਪੰਨਾ ਨੰ: 59 ਉੱਪਰ ਉੱਘੇ ਸਾਹਿਤਕਾਰ ਸੰਤੋਖ ਸਿੰਘ ਧੀਰ ਨੇ ਲਿਖਿਆ ਹੈ ਕਿ ਲੇਖਕ ਹੋਣ ਦੀ ਪਹਿਲੀ ਸ਼ਰਤ ਪ੍ਰਤਿਭਾਸ਼ਾਲੀ ਹੋਣਾ ਹੈ, ਦੂਜੀ ਕਰੜੀ ਸਾਧਨਾ। ਲਿਖਣਾ ਸ਼ੁਗਲ ਮੇਲਾ ਨਹੀਂ, ਖਾਲਾ ਜੀ ਦਾ ਵਾੜਾ ਨਹੀਂ, ਤਪੱਸਿਆ ਹੈ, ਭਗਤੀ ਹੈ, ਜੀਵਨ ਦਾ ਸਮਰਪਣ ਹੈ। ਇਸ ਲਈ ਬੜੇ ਠਰੰਮੇ ਦੀ ਤੇ ਬੜੀ ਧੀਰਜ ਦੀ ਲੋੜ ਹੈ ਤੇ ਇਕ ਅਥਾਹ ਲਗਨ ਦੀ ਵੀ। ਧੀਰ ਸਾਹਿਬ ਵੱਲੋਂ ਚੰਗੇ ਲੇਖਕ ਹੋਣ ਦੇ ਦੱਸੇ ਇਹ ਲਗਭਗ ਸਾਰੇ ਗੁਣ ਸਾਡੇ ਵਲੈਤ 'ਚ ਵੱਸਦੇ ਨਾਮਵਰ ਪੰਜਾਬੀ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਵਿਚ ਹਨ, ਜਿਨ੍ਹਾਂ ਦੀ ਪੁਸ਼ਟੀ ਉਸ ਦੇ ਨਾਵਲਾਂ ਦਾ ਇਕਾਗਰਚਿਤ ਅਧਿਐਨ ਕਰਨ ਉਪਰੰਤ ਸਹਿਜੇ ਹੀ ਹੋ ਜਾਂਦੀ ਹੈ।
ਸ਼ਿਵਚਰਨ ਜੱਗੀ ਕੁੱਸਾ ਦਾ ਜਨਮ 1 ਅਕਤੂਬਰ 1965 ਈਸਵੀ ਨੂੰ ਪਿਤਾ ਪੰਡਿਤ ਬਰਮਾਨੰਦ ਜੀ ਤੇ ਮਾਤਾ ਸ੍ਰੀਮਤੀ ਗੁਰਨਾਮ ਕੌਰ ਜੀ ਦੇ ਘਰ ਪਿੰਡ ਕੁੱਸਾ ਜ਼ਿਲ੍ਹਾ ਮੋਗਾ ਵਿਖੇ ਹੋਇਆ। ਜੱਗੀ ਦੀ ਵਿਦਿਅਕ ਯੋਗਤਾ ਮੈਟ੍ਰਿਕ (ਪੰਜਾਬ) ਤੇ ਚਾਰ ਸਾਲ ਆਈ। ਐਫ। ਕੇ। ਯੂਨੀਵਰਸਿਟੀ ਆਸਟਰੀਆ (ਯੂਰਪ) ਦੀ ਹੈ। ਵਰ੍ਹਿਆਂ ਤੋਂ ਵਿਦੇਸ਼ਾਂ 'ਚ ਵਿਚਰ ਰਿਹਾ ਸਾਡਾ ਇਹ ਨਾਵਲਕਾਰ ਬੜੇ ਅਮੀਰ ਅਨੁਭਵ ਨਾਲ ਲੈਸ ਹੈ। ਅੱਜਕਲ੍ਹ ਉਸ ਦਾ ਵਾਸਾ ਲੰਦਨ ਵਿਚ ਹੈ।
ਜੱਗੀ ਨੇ ਆਪਣੇ ਲਿਖਣ ਦੀ ਸ਼ੁਰੂਆਤ ਹੀ ਨਾਵਲ ਤੋਂ ਕੀਤੀ ਹੈ, ਜਿਸ ਦਾ ਨਾਂਅ ਹੈ 'ਜੱਟ ਵੱਢਿਆ ਬੋਹੜ ਦੀ ਛਾਵੇਂ'। ਅੱਗੋਂ 'ਕੋਈ ਲੱਭੋ ਸੰਤ ਸਿਪਾਹੀ ਨੂੰ', 'ਲੱਗੀ ਵਾਲੇ ਕਦੇ ਨਹੀਂ ਸੌਂਦੇ', 'ਬਾਝ ਭਰਾਵੋਂ ਮਾਰਿਆ', 'ਏਤੀ ਮਾਰ ਪਈ ਕੁਰਲਾਣੇ', 'ਪੁਰਜ਼ਾ ਪੁਰਜ਼ਾ ਕਟਿ ਮਰੈ', 'ਤਵੀ ਤੋਂ ਤਲਵਾਰ ਤੱਕ', 'ਉਜੜ ਗਏ ਗਰਾਂ', 'ਬਾਰ੍ਹੀਂ ਕੋਹੀਂ ਬਲਦਾ ਦੀਵਾ', 'ਤਰਕਸ਼ ਟੰਗਿਆ ਜੰਡ', 'ਗੋਰਖ ਦਾ ਟਿੱਲਾ', 'ਹਾਜੀ ਲੋਕ ਮੱਕੇ ਵੱਲ ਜਾਂਦੇ', 'ਸੱਜਰੀ ਪੈੜ ਦਾ ਰੇਤਾ', 'ਰੂਹ ਲੈ ਗਿਆ ਦਿਲਾਂ ਦਾ ਜਾਨੀ', 'ਡਾਚੀ ਵਾਲਿਆ ਮੋੜ ਮੁਹਾਰ ਵੇ' ਤੇ 'ਜੋਗੀ ਉੱਤਰ ਪਹਾੜੋਂ ਆਏ' ਕੁੱਲ 16 ਨਾਵਲ ਜੱਗੀ ਦੇ ਪਾਠਕਾਂ ਕੋਲ ਪੁੱਜ ਚੁੱਕੇ ਹਨ। ਨਵਾਂ ਨਾਵਲ 'ਅੱਖੀਆਂ 'ਚ ਤੂੰ ਵੱਸਦਾ' ਆਉਂਦੇ ਅਕਤੂਬਰ 'ਚ ਆ ਰਿਹਾ ਹੈ। 'ਬੋਦੀ ਵਾਲਾ ਤਾਰਾ ਚੜ੍ਹਿਆ' ਨਾਂਅ ਦਾ ਇਕ ਹੋਰ ਨਾਵਲ ਉਹ ਅੱਜਕਲ੍ਹ ਲਿਖ ਰਿਹਾ ਹੈ। ਜੱਗੀ ਦੇ ਨਾਵਲਾਂ ਦੇ ਨਾਂਅ ਹੀ ਉਸ ਦੇ ਰਚਨਾ ਸੰਸਾਰ ਦੇ ਲੋਕਰੰਗ ਵਿਚ ਰੰਗੇ ਹੋਣ ਦਾ ਸੰਕੇਤ ਦਿੰਦੇ ਹਨ। ਉਸ ਦੇ ਨਾਵਲਾਂ ਵਿਚ ਵਰਤੀਆਂ ਗਈਆਂ ਵੰਨ-ਸੁਵੰਨੀਆਂ ਵਿਸ਼ੇਗਤ ਪ੍ਰਵਿਰਤੀਆਂ, ਠੁੱਕਦਾਰ ਤੇ ਠੇਠ ਪੰਜਾਬੀ, ਵਿਲੱਖਣ ਤੇ ਵਜ਼ਨਦਾਰ ਬਿਰਤਾਂਤਕ ਜੁਗਤਾਂ ਉਸ ਦੇ ਨਾਵਲਾਂ ਦੀ ਗਤੀਸ਼ੀਲਤਾ ਤੇ ਲੰਮੇਰੀ ਉਮਰ ਦਾ ਪ੍ਰਮਾਣ ਹੋ ਨਿਬੜੀਆਂ ਹਨ। ਉਸ ਦੇ ਪਾਠਕਾਂ ਦਾ ਘੇਰਾ ਬੜਾ ਵਸੀਹ ਹੈ। ਜਿਥੇ ਜਿਥੇ ਦੁਨੀਆ ਵਿਚ ਪੰਜਾਬੀ ਵਸਦੇ ਹਨ ਉਥੇ-ਉਥੇ ਜੱਗੀ ਦਾ ਨਾਵਲੀ ਜ਼ੋਰ ਚਲਦਾ ਹੈ। ਇਥੇ ਥਾਂ ਦੇ ਸੰਜਮ ਸਨਮੁੱਖ ਜੇ ਉਸ ਦੇ ਇਕ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਹੀ ਗੱਲ ਕਰ ਲਈਏ ਤਾਂ ਇਸ ਦਾ ਅਧਿਐਨ ਦੱਸਦਾ ਹੈ ਕਿ ਇਸ ਅੰਦਰਲੀ ਕਹਾਣੀ ਦੀ ਨਜ਼ਾਕਤ, ਲਤਾਫ਼ਤ, ਮੌਲਿਕਤਾ, ਵਿਅਕਤਿਕਤਾ ਤੇ ਵਸ਼ਿਸ਼ਟਤਾ ਬੇਮਿਸਾਲ ਹੈ। ਵਲੈਤ ਵੱਸਦੀਆਂ ਕੁਝ ਪੰਜਾਬੀ ਮੁਟਿਆਰਾਂ ਨੂੰ ਉਥੋਂ ਦੇ ਅੱਯਾਸ਼ ਮੁੰਡੇ ਆਪਣੇ ਪਿਆਰ ਜਾਲ਼ 'ਚ ਫਸਾ ਕੇ ਆਪਣੇ ਦੇਸ਼ ਲਿਜਾ ਕੇ ਉਨ੍ਹਾਂ ਦਾ ਉਥੇ ਸ਼ਰੀਰਕ ਤੇ ਮਾਨਸਿਕ ਪੱਖੋਂ ਕੀ ਹਸ਼ਰ ਕਰਦੇ-ਕਰਵਾਉਂਦੇ ਹਨ-ਇਸ ਦੀ ਹਿਰਦੇਵੇਧਕ ਹੋਈ ਸਿਰਜਣਾ ਇਸ ਨਾਵਲ 'ਚੋਂ ਪੜ੍ਹੀ ਜਾ ਸਕਦੀ ਹੈ। ਇਹ ਗੱਲ ਪੂਰੇ ਵਿਸ਼ਵਾਸ ਨਾਲ ਆਖੀ ਜਾ ਸਕਦੀ ਹੈ ਕਿ ਜਿਸ ਨੇ ਵੀ ਜੱਗੀ ਦਾ ਇਹ ਨਾਵਲ ਇਕ ਵਾਰ ਪੜ੍ਹ ਲਿਆ, ਉਹ ਜੱਗੀ ਦੀਆਂ ਰਚਨਾਵਾਂ ਦਾ ਪੱਕਾ ਪਾਠਕ ਬਣ ਜਾਵੇਗਾ। ਇਸ ਨਾਵਲ ਵਿਚੋਂ ਕੁਝ ਅਟੱਲ ਸਚਾਈਆਂ ਵਰਗੇ ਫ਼ਿਕਰੇ ਵੀ ਇਥੇ ਲਿਖੇ ਜਾਂਦੇ ਹਨ:
0 ਸੱਪ ਜਦੋਂ ਖੁੱਡ 'ਚ ਵੜਦੈ ਤਾਂ ਸਾਰੇ ਵਲ਼ ਕੱਢ ਲੈਂਦੈ।
0 ਬਹੁਤੇ ਲੋਕੀਂ ਤਾਂ ਅਗਲੇ ਦੇ ਦੁਸ਼ਮਣ ਦੀ ਪੂਛ ਨੂੰ ਵੱਟ ਹੀ ਚਾੜ੍ਹਦੇ ਨੇ।
0 ਬਿੱਲੀ ਫਸੀ-ਫਸਾਈ ਹੀ ਦਰਖਤ 'ਤੇ ਚੜ੍ਹਦੀ ਹੈ।
0 ਬੇਈਮਾਨ ਬੰਦਾ ਛੇਤੀ ਕੀਤੇ ਆਪਣੇ ਦਿਲ ਦਾ ਭੇਤ ਨਹੀਂ ਦਿੰਦਾ।
0 ਜੇ ਕੱਲਰ ਜ਼ਮੀਨ 'ਤੇ ਪਹਿਲਾਂ ਬੁਲਡੋਜ਼ਰ ਫੇਰ ਦਿੱਤਾ ਜਾਵੇ ਤਾਂ ਬਾਅਦ ਵਿਚ ਜ਼ਮੀਨ ਨੂੰ ਸੁਹਾਗਿਆਂ ਦੀ ਬਹੁਤੀ ਚਿੰਤਾ ਨਹੀਂ ਰਹਿੰਦੀ।
ਜੱਗੀ ਦੀ ਦਿਲਚਸਪ ਵਿਅੰਗਾਤਮਿਕ ਤੇ ਭਾਵਪੂਰਤ ਲਿਖਣ ਸ਼ੈਲੀ ਦਾ ਕਮਾਲ ਉਸ ਦੀਆਂ ਕਹਾਣੀਆਂ, ਕਵਿਤਾਵਾਂ, ਲੇਖਾਂ ਤੇ ਵਿਅੰਗ ਲੇਖਾਂ ਵਿਚ ਵੀ ਵੇਖਿਆ ਜਾ ਸਕਦਾ ਹੈ। ਨਾਵਲਾਂ ਤੋਂ ਇਲਾਵਾ ਜੱਗੀ ਦੀਆਂ 'ਤੂੰ ਸੁੱਤਾ ਰੱਬ ਜਾਗਦਾ', 'ਊਠਾਂ ਵਾਲੇ ਬਲੋਚ', 'ਰਾਜੇ ਸ਼ੀਂਹ ਮੁਕੱਦਮ ਕੁੱਤੇ', 'ਬੁੱਢੇ ਦਰਿਆ ਦੀ ਜੂਹ' (ਚਾਰੇ ਕਹਾਣੀ ਸੰਗ੍ਰਹਿ), 'ਤੇਰੇ ਤੋਂ ਤੇਰੇ ਤੱਕ' (ਕਾਵਿ-ਸੰਗ੍ਰਹਿ), 'ਚਾਰੇ ਕੂਟਾਂ ਸੁੰਨੀਆਂ' (ਹੱਡੀਂ ਹੰਢਾਏ ਦਰਦ), 'ਬੋਦੇ ਵਾਲਾ ਭਲਵਾਨ', 'ਕੁੱਲੀ ਨੀ ਫਕੀਰ ਦੀ ਵਿਚੋਂ' (ਵਿਅੰਗ ਸੰਗ੍ਰਹਿ) ਤੇ 'ਸੱਚ ਆਖਾਂ ਤਾਂ ਭਾਂਬੜ ਮਚਦੈ' (ਲੇਖ ਸੰਗ੍ਰਹਿ) ਪੁਸਤਕਾਂ ਵੀ ਪਾਠਕਾਂ ਕੋਲ ਪੁੱਜ ਚੁੱਕੀਆਂ ਹਨ। ਦੇਸ਼ਾਂ-ਵਿਦੇਸ਼ਾਂ ਦੇ ਕਈ ਮੈਗਜ਼ੀਨਾਂ ਤੇ ਅਖ਼ਬਾਰਾਂ 'ਚ ਉਸ ਦੇ ਨਾਵਲ ਤੇ ਹੋਰ ਆਰਟੀਕਲ ਅਕਸਰ ਛਪਦੇ ਰਹਿੰਦੇ ਹਨ।
ਸੁੰਦਰ, ਸਿਹਤਮੰਦ ਤੇ ਸਾਤਵਿਕ ਸੋਚ ਵਾਲੇ ਇਸ ਨਾਵਲਕਾਰ ਨਾਲ ਹੁੰਦੀ ਰਹਿੰਦੀ ਗੱਲਬਾਤ 'ਚੋਂ ਪਤਾ ਲੱਗਿਆ ਹੈ ਕਿ ਉਸ ਨੇ ਸਕੂਲ ਟਾਈਮ ਵੇਲੇ ਹੀ ਬੂਟਾ ਸਿੰਘ ਸ਼ਾਦ ਦਾ ਨਾਵਲ 'ਕੁੱਤਿਆਂ ਵਾਲੇ ਸਰਦਾਰ' ਪੜ੍ਹਿਆ ਸੀ। ਉਸ ਤੋਂ ਬਾਅਦ ਉਸ ਨੂੰ ਪੜ੍ਹਨ ਦੀ ਐਹੋ ਜਿਹੀ ਚੇਟਕ ਲੱਗੀ ਕਿ ਉਸ ਨੇ ਪੰਜਾਬੀ ਦਾ ਕੋਈ ਵੀ ਲੇਖਕ ਪੜ੍ਹਨੋ ਨਹੀਂ ਛੱਡਿਆ। ਆਪਣੇ ਨਾਵਲਾਂ ਅੰਦਰਲੇ ਵਿਸ਼ਿਆਂ ਬਾਰੇ ਜੱਗੀ ਦਾ ਆਖਣਾ ਹੈ ਕਿ 'ਵੈਸੇ ਤਾਂ ਕਿਸੇ ਨਾਲ ਵੀ ਹੁੰਦਾ ਧੱਕਾ ਮੈਨੂੰ ਪ੍ਰੇਸ਼ਾਨ ਕਰਦਾ ਹੈ ਪਰ ਸਭ ਤੋਂ ਜ਼ਿਆਦਾ ਮੈਨੂੰ ਦੁੱਖ ਉਦੋਂ ਹੁੰਦਾ ਹੈ ਜਦੋਂ ਕਿਸੇ ਵੀ ਧਰਮ ਦੇ ਪ੍ਰਚਾਰਕ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਉਂਝ ਮੈਂ ਤਕਰੀਬਨ ਹਰ ਵਿਸ਼ੇ 'ਤੇ ਲਿਖਿਆ ਹੈ। ਮਨੁੱਖੀ ਰਿਸ਼ਤਿਆਂ ਬਾਰੇ ਗੱਲ ਕਰਨੀ ਮੈਨੂੰ ਚੰਗੀ ਲਗਦੀ ਹੈ।
ਸਾਡੇ ਲੋਕਾਂ ਵਿਚ ਵਿਦੇਸ਼ ਜਾਣ ਦੀ ਲਾਲਸਾ ਦੇ ਕਾਰਨ ਦੱਸਦਿਆਂ ਜੱਗੀ ਦਾ ਆਖਣਾ ਹੈ ਕਿ ਸਭ ਤੋਂ ਪਹਿਲਾ ਕਾਰਨ/ਦੁਖਾਂਤ ਤਾਂ ਬੇਰੁਜ਼ਗਾਰੀ ਹੈ। ਜਦ ਕਿਸੇ ਨੂੰ ਕੋਈ ਚੀਜ਼ ਘਰੇ ਨਹੀਂ ਮਿਲਦੀ ਤਾਂ ਉਹ ਬਾਹਰ ਝਾਕਦਾ ਹੈ। (ਜੱਗੀ ਦਾ ਨਾਵਲ 'ਤਰਕਸ਼ ਟੰਗਿਆ ਜੰਡ' ਇਸੇ ਮਸਲੇ ਬਾਰੇ ਹੈ) ਦੂਜਾ ਕਾਰਨ ਵਿਦੇਸ਼ਾਂ ਦੀ ਤੜਕ-ਭੜਕ ਅਤੇ ਚਮਕੀਲੀ ਜ਼ਿੰਦਗੀ ਹੈ, ਜਿਸ ਨੂੰ 'ਫੇਸਬੁੱਕ' ਵਰਗੇ ਸੋਮਿਆਂ ਨੇ ਹੋਰ ਵੀ 'ਨੇੜੇ' ਅਤੇ ਅੱਖਾਂ ਚੁੰਧਿਆਊ ਕਰ ਦਿੱਤਾ ਹੈ। ਬਾਕੀ, ਖਰਬੂਜ਼ੇ ਨੂੰ ਦੇਖ ਕੇ ਹੀ ਖਰਬੂਜ਼ਾ ਰੰਗ ਫੜਦਾ ਹੈ। ਅੱਜਕਲ੍ਹ ਦੀ ਪੀੜ੍ਹੀ ਦੀਆਂ ਲੋੜਾਂ ਵੀ ਵਧੀਆ ਹੋਈਆਂ ਹਨ।' ਨਿਰਸੰਦੇਹ ਵਲੈਤ ਵਸਦੇ ਇਸ ਨਾਮਵਰ ਨਾਵਲਕਾਰ ਦੀ ਹਰ ਗੱਲ ਆਪਣਾ ਅਰਥ ਰੱਖਦੀ ਹੈ।
ਜਿਵੇਂ ਸੋਹਣੀ ਸ਼ਖ਼ਸੀਅਤ ਦੀ ਆਪਣੀ ਮੰਦ-ਮੰਦ ਖੁਸ਼ਬੂ ਹੁੰਦੀ ਹੈ, ਉਵੇਂ ਯਥਾਰਥ ਤੇ ਸੌਂਦਰਯ-ਯੁਕਤ ਲਿਖਤ ਵੀ ਆਪਣੀ ਛਾਪ ਛੱਡਦੀ ਰਹਿੰਦੀ ਹੈ। ਸ਼ਿਵਚਰਨ ਜੱਗੀ ਕੁੱਸਾ ਇਸ ਪੱਖੋਂ ਸੁਭਾਗਾ ਹੈ ਕਿ ਰਚਨਾਤਮਕ ਜਗਤ ਅੰਦਰ ਉਸ ਦੀ ਘਾਲਣਾ ਥਾਏਂ ਪਈ ਹੈ। ਉਸਦੀ ਨਾਵਲੀ ਨਿੱਗਰਤਾ ਸਦਕਾ ਉਸ ਨੂੰ ਦੁਨੀਆ ਭਰ ਦੇ ਦੇਸ਼ਾਂ 'ਚੋਂ 7 ਗੋਲਡ ਮੈਡਲਾਂ ਸਣੇ 17 ਵੱਖ-ਵੱਖ ਸੰਸਥਾਵਾਂ ਵੱਲੋਂ ਅਚੀਵਮੈਂਟ ਐਵਾਰਡ ਤੇ ਹੋਰ ਕਈ ਐਵਾਰਡ ਮਿਲ ਚੁੱਕੇ ਹਨ। ਦੋ ਖੋਜੀ ਉਸ ਦੇ ਨਾਵਲਾਂ 'ਤੇ ਪੀ। ਐਚ। ਡੀ। ਵੀ ਕਰ ਚੁੱਕੇ ਹਨ। ਬਿਨਾਂ ਸ਼ੱਕ ਸ਼ਿਵਚਰਨ ਜੱਗੀ ਕੁੱਸਾ ਪੰਜਾਬੀ ਨਾਵਲ ਜਗਤ ਦੀ ਅਮੀਰੀ ਵਿਚ ਨਿਰੰਤਰ ਤੇ ਨਰੋਆ ਵਾਧਾ ਕਰ ਰਿਹਾ ਪੰਜਾਬੀ ਦਾ ਮਾਣਯੋਗ ਤੇ ਮਿਲਣਸਾਰ ਨਾਵਲਕਾਰ ਹੈ।

-ਹਰਮੀਤ ਸਿੰਘ ਅਟਵਾਲ



ਹੋਰ ਪੜੋ...

Saturday, August 4, 2012

ਕੋਈ ਸ਼ਿਕਵਾ ਨਹੀਂ

ਕਿਸਮਤ ਦੀ ਲਕੀਰ ਨਹੀਂ ਧੋਤੀ ਜਾਂਦੀ
ਤੇਰੇ 'ਤੇ ਕੋਈ ਸ਼ਿਕਵਾ ਨਹੀਂ…
ਤਕਦੀਰ ਕਦੇ ਨਹੀਂ ਮੇਟੀ ਜਾਂਦੀ
ਤੇਰੇ 'ਤੇ ਕੋਈ ਸ਼ਿਕਵਾ ਨਹੀਂ…
ਸ਼ਿਕਵਾ ਹੈ ਤਾਂ,
ਸਿਰਫ਼ ਆਪਣੇ ਖ਼ੁਦਾ ਉਪਰ,
ਬੱਸ ਇੱਕ ਮੌਤ ਨਹੀਂ ਆਂਦੀ,
ਹੋਰ ਕੋਈ ਸ਼ਿਕਵਾ ਨਹੀਂ…
ਹੋਈ ਜਾਣਦੇ ਲਹੂ-ਲੁਹਾਣ ਮੇਰੀ ਆਤਮਾਂ ਨੂੰ
ਦਿਨ ਟੁੱਟਦੇ ਨਹੀਂ,
ਹੋਰ ਕੋਈ ਸ਼ਿਕਵਾ ਨਹੀਂ…
ਜਦ ਲੋੜ ਪਈ ਤਾਂ ਕਦੇ ਕੰਮ ਨਾ ਆਈ
ਮੇਰੀ ਪੀੜ ਦਾ ਤੂੰ ਲਿਆ ਆਨੰਦ
ਹੋਰ ਕੋਈ ਸ਼ਿਕਵਾ ਨਹੀਂ…
'ਵਾਜ ਮਾਰੀ ਤਾਂ ਤੂੰ ਹੁੰਗਾਰਾ ਨਾ ਭਰਿਆ,
ਆਖ਼ਰੀ ਸਾਹ ਮੌਕੇ
ਕੋਈ ਸ਼ਿਕਵਾ ਨਹੀਂ…।

****

ਹੋਰ ਪੜੋ...

ਮੁਕਤੀ

ਆਪਣੇ ਆਪਣੇ ਨਹੀਂ ਬਣੇ
ਤੇ ਬਿਗਾਨੇ ਬਿਗਾਨੇ ਹੀ ਰਹੇ
ਦੱਸ ਰੱਬਾ,
ਤੇਰੀ ਕੁਦਰਤ ਦੀ ਕਿਹੜੀ ਸਿਫ਼ਤ ਕਰਾਂ?
ਜਦ ਪੁੱਛਿਆ ਕਿਸੇ ਤੋਂ ਖ਼ੁਸ਼ੀਆਂ ਦਾ ਰਾਹ,
ਤਾਂ ਉਸ ਨੇ ਮੈਨੂੰ
ਸ਼ਮਸ਼ਾਨਘਾਟ ਦਾ ਰਸਤਾ ਹੀ ਦਿਖਾ ਦਿੱਤਾ!
ਦਿਖਾਈਆਂ ਮੁਰਦਿਆਂ ਦੀਆਂ ਖੋਪੜੀਆਂ,
ਤੇ ਨੱਚਦੇ ਮੁਰਦੇ!
ਮੁਰਦਿਆਂ 'ਚ ਕੀ ਭਾਵਨਾਂ ਹੋਣੀਂ ਸੀ?
ਉਹ ਤਾਂ ਆਪ
'ਮੁਕਤੀ-ਮੁਕਤੀ' ਪੁਕਾਰੀ ਜਾਂਦੇ ਸੀ
ਮੈਨੂੰ ਦੇਖ ਕੇ!
……………………।

****

ਹੋਰ ਪੜੋ...

Saturday, July 7, 2012

ਮੈਂ ਜ਼ਿੱਦੀ ਨਹੀਂ ਹਾਂ

ਜੇ ਤੜਪਦਾ ਨਹੀਂ ਤੇਰਾ ਹਿਰਦਾ,
'ਕਿਸੇ ਨੂੰ' ਤੱਕਣ ਲਈ,
ਤਾਂ ਝੋਕ ਦੇਹ ਭੱਠ ਵਿਚ,
ਇਹੋ ਜਿਹੀ ਮੁਹੱਬਤ ਨੂੰ!
……
ਹਾਨਣ ਤਾਂ ਘੁੰਡ ਕੱਢ ਕੇ,
ਬੂਟੀਆਂ ਪਾਉਣ ਦੀ ਰੀਝ ਰੱਖਦੀ ਹੈ,
ਮਿੱਤਰਾਂ ਦੀ ਜਾਕਿਟ 'ਤੇ,
…ਤੇ ਤੂੰ ਤਾਂ ਕਦੇ ਘੁੰਡ ਹੀ ਨਹੀਂ ਚੁੱਕਿਆ,
ਸਹਿਮ ਅਤੇ ਸ਼ਰਮ ਦਾ…!
……
ਜ਼ਿੱਦੀ ਨਹੀਂ ਹਾਂ ਮੈਂ!!
ਕੂਕਦਾ ਹਾਂ ਪਪੀਹੇ ਦੀ ਲੋਚਣਾਂ ਵਾਂਗ,
ਜਿਸ ਨੂੰ ਸਾਗਰ ਦੀ ਨਹੀਂ,
'ਸਿਰਫ਼' ਇੱਕ 'ਬੂੰਦ' ਦੀ ਚਾਹਤ ਹੁੰਦੀ ਹੈ!
ਤੂੰ ਮੇਰੀ ਓਹੀ ਬੂੰਦ ਹੀ ਤਾਂ ਹੈਂ ਮੇਰੀ ਜਿੰਦ!!
ਕਾਸ਼, ਤੈਨੂੰ ਮੇਰੀ ਇਸ ਗੱਲ ਦੀ ਸਮਝ ਆ ਸਕਦੀ!!!

****


ਹੋਰ ਪੜੋ...

Sunday, June 24, 2012

ਸ਼ਿਵਚਰਨ ਜੱਗੀ ਕੁੱਸਾ ਦਾ ਸੱਜਰਾ ਨਾਵਲ "ਜੋਗੀ ਉੱਤਰ ਪਹਾੜੋਂ ਆਏ" ਮਾਰਕੀਟ 'ਚ

ਜਿਵੇਂ ਅਸੀਂ ਅੱਗੇ ਵੀ ਆਪਣੇ ਪਾਠਕਾਂ ਨੂੰ ਦੱਸ ਚੁੱਕੇ ਹਾਂ ਕਿ ਜੱਗੀ ਕੁੱਸਾ ਜੀ ਦੇ ਸਾਰੇ ਨਾਵਲਾਂ, ਕਹਾਣੀ-ਸੰਗ੍ਰਹਿ ਅਤੇ ਵਿਅੰਗ ਦੇ ਕਾਪੀ ਰਾਈਟਸ ਹੁਣ 'ਸੰਗਮ ਪਬਲੀਕੇਸ਼ਨਜ਼ ਸਮਾਣਾਂ' ਕੋਲ ਹਨ। ਉਹਨਾਂ ਨੇ ਹੁਣੇ-ਹੁਣੇ ਉਹਨਾਂ ਦਾ ਸੱਜਰਾ ਨਾਵਲ "ਜੋਗੀ ਉੱਤਰ ਪਹਾੜੋਂ ਆਏ" ਪ੍ਰਕਾਸ਼ਿਤ ਕੀਤਾ ਹੈ ਅਤੇ "…ਅੱਖੀਆਂ 'ਚ ਤੂੰ ਵਸਦਾ" ਨੇੜਲੇ ਭਵਿੱਖ ਵਿਚ ਪ੍ਰਕਾਸ਼ਿਤ ਹੋਣ ਜਾ ਰਿਹਾ ਹੈ। ਨਾਵਲ ਮੰਗਵਾਉਣ ਲਈ ਪੰਜਾਬ ਦੇ ਨੰਬਰ 98 152 43917 'ਤੇ ਸ੍ਰੀ ਅਸ਼ੋਕ ਕੁਮਾਰ ਗਰਗ ਨਾਲ ਗੱਲ ਕੀਤੀ ਜਾ ਸਕਦੀ ਹੈ।

-ਸੰਪਾਦਕ

ਹੋਰ ਪੜੋ...

ਆਪਹੁਦਰਾ ਮਾਨੁੱਖ

ਜਿਹੜੇ ਦਿਲ 'ਤੇ ਤੂੰ ਛੱਡ ਗਈ ਸੀ ਸੰਦਲੀ ਪੈੜਾਂ
ਉਸ ਚੌਰਾਹੇ ਨੂੰ ਅਸੀਂ,
ਮਿੱਠੀਆਂ ਯਾਦਾਂ ਦੀ ਵਾੜ ਕਰ ਕੇ ਰੱਖੀ,
ਸਾਂਭ-ਸਾਂਭ ਕੇ ਰੱਖੇ ਤੇਰੀਆਂ ਪੈੜਾਂ ਦੇ ਨਿਸ਼ਾਨ
ਇਸ ਜੂਹ ਵਿਚ ਅਸੀਂ ਕਿਸੇ ਨੂੰ ਪੈਰ ਨਹੀਂ ਪਾਉਣ ਦਿੱਤਾ,
ਮਜ਼ਾਲ ਹੈ ਕੋਈ ਗ਼ੈਰ ਪ੍ਰਵੇਸ਼ ਕਰ ਗਿਆ ਹੋਵੇ?
…।।
ਉਜਾੜੇ ਦੇ ਪ੍ਰਤੀਕ, ਉੱਲੂ ਤੇ ਕਾਂ ਫ਼ਿਰਦੇ ਨੇ,
ਸਾਡੇ ਦਿਲ ਦੀਆਂ ਜੂਹਾਂ ਵਿਚ
ਕਦੇ-ਕਦੇ ਬਦਸ਼ਗਨੀ ਤੋਂ ਵੀ ਡਰ ਜਾਂਦਾ ਹਾਂ,
ਤੇ ਸਹਿਮ ਜਾਂਦਾ ਹਾਂ ਉੱਜੜਿਆ ਚਮਨ ਦੇਖ
ਜੋ ਸਦੀਆਂ ਪੁਰਾਣਾਂ ਦੱਸਿਆ ਜਾਂਦਾ ਸੀ
ਕਿ ਕਿਤੇ ਆਹੀ ਹਾਲਤ ਕਦੇ ਮੇਰੀ ਨਾ ਹੋਵੇ?
…।।
ਕਿਸ ਗੁਲਜ਼ਾਰ ਤੇ ਕਿਸ ਬਾਗ ਦੀ ਬਾਤ ਪਾਵਾਂ ਮੈਂ…?
ਜੀਵਨ ਦਾ ਸੂਰਜ ਤਾਂ 'ਅਸਤ' ਹੋਣ 'ਤੇ ਆ ਗਿਆ
ਗ੍ਰਹਿਣ ਵੇਲ਼ੇ ਤਾਂ ਚੰਦਰਮਾਂ ਵੀ ਨਹੀਂ ਦਿਸਦਾ,
ਨਹੀਂ ਤਾਂ ਰਾਤ ਨੂੰ,
ਉਸ ਦੀ ਰੌਸ਼ਨੀ ਹੀ ਬਥੇਰੀ ਸੀ!
…।।
ਸਵਰਗ ਦੇ ਅੱਧ ਤੱਕ, ਜਾਂ ਨਰਕ ਦੇ ਧੁਰ ਤੱਕ
ਕਿਹੜਾ ਰਸਤਾ ਚੁਣਾਂ…? ਲੱਗਦੇ ਤਾਂ ਚਾਰ ਚੁਫ਼ੇਰੇ ਹੀ,
ਮੌਸਮ ਖ਼ਰਾਬ ਨੇ!
ਜ਼ਿੰਦਗੀ ਦੀ ਖਿੱਚ-ਧੂਹ ਚਾਹੇ ਸੌ ਸਾਲ ਲੰਬੀ ਹੋਵੇ
ਤੇ ਚਾਹੇ ਪੰਜਾਹ ਸਾਲ,
ਪਰ ਵਾਹ ਤਾਂ ਮਾਨੁੱਖ ਨਾਲ਼ ਹੀ ਪੈਣੈ ਨ੍ਹਾਂ…?
…ਤੇ ਮਾਨੁੱਖ ਜਾਨਵਰ ਨਾਲ਼ੋਂ ਕਦੇ ਵੀ
ਵਫ਼ਾਦਾਰ ਨਹੀਂ ਹੋ ਸਕਦਾ!
…।।
ਕਦੇ ਖ਼ਾਹਿਸ਼ ਨਾ ਕਰੂੰਗਾ ਮਾਨੁੱਖੀ ਜਾਮੇਂ ਦੀ ਮੁੜ
ਕਿਉਂਕਿ, ਇਸ ਜਾਮੇਂ ਵਿਚ ਤਾਂ ਧੋਖੇ ਹੀ ਧੋਖੇ ਨੇ…!
ਰੁੱਖ, ਪਵਣ, ਅੱਗ ਅਤੇ ਬਨਸਪਤੀ ਤਾਂ ਰੱਬੀ ਹੁਕਮ ਵਿਚ ਨੇ
ਬੱਸ ਮਾਨੁੱਖ ਹੀ ਹੈ, ਜੋ 'ਆਪਹੁਦਰਾ' ਹੈ…!
ਇਸ ਲਈ ਰੱਬਾ ਮੈਨੂੰ,
ਮਾਨੁੱਖਾ ਜੂਨੀ ਨਾ ਦੇਵੀਂ…!

****

ਹੋਰ ਪੜੋ...

Wednesday, June 13, 2012

ਜਦੋਂ ਤੂੰ ਦੂਰ...

ਜਦੋਂ ਤੂੰ ਦੂਰ......ਤੇ ਹੋਰ ਦੂਰ ਹੁੰਦੀ ਗਈ...
ਸੋਚਿਆ ਨਹੀਂ ਸੀ ਕਦੇ,
ਕਿ ਜੰਗਲ ਤੇ ਜੂਹ ਦਾ,
ਪੈ ਜਾਵੇਗਾ ਫ਼ਾਸਲਾ..
ਖ਼ੂਹ ਤੇ ਮੌਣ, ਹੋ ਜਾਣਗੇ ਵੱਖ-ਵੱਖ...
ਤੇ ਭੋਗਣਗੇ ਸੰਤਾਪ ਜਿ਼ੰਦਗੀ ਦੇ ਪਲ

ਡੁੱਬਦੇ ਨੂੰ ਤਾਂ ਕਹਿੰਦੇ ਨੇ...
ਹੁੰਦਾ ਹੈ ਸਹਾਰਾ ਤਿਣਕੇ ਦਾ..
ਪਰ ਤੂੰ ਤਾਂ ਮੇਰੇ ਹੇਠੋਂ
ਆਪਣਾ ਮੋਢਾ ਹੀ ਕੱਢ ਲਿਆ...
ਜਿਉਂਦਾ ਰਹਿੰਦਾ ਤਾਂ ਕਿਸ ਆਸ ‘ਤੇ..?
ਰੋਜ਼ਾਨਾਂ ਰੱਬ ਅੱਗੇ
‘ਚੁੱਕ’ ਲੈਣ ਦੀ ਅਰਾਧਨਾਂ ਕਰ ਕੇ ਸੌਂ ਜਾਂਦਾ
ਪਰ ਸਵੇਰੇ ਅੱਖ ਫਿ਼ਰ ਖੁੱਲ੍ਹ ਜਾਂਦੀ,
ਅਗਲਾ ਸੰਤਾਪ ਹੰਢਾਉਣ ਲਈ....

****

ਹੋਰ ਪੜੋ...

Saturday, January 28, 2012

ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’

ਬੜੇ ਛੋਟੇ-ਛੋਟੇ ਹੁੰਦਿਆਂ ਦੇਵ ਥਰੀਕੇ ਵਾਲੇ ਦੇ ਲਿਖੇ ਗੀਤ ਸੁਣਦੇ ਹੁੰਦੇ ਸਾਂ। ਉਦੋਂ ਵਿਆਹਾਂ-ਸ਼ਾਦੀਆਂ ਮੌਕੇ  ਕੋਠੇ ‘ਤੇ ਦੋ ਮੰਜੇ ਜੋੜ ਕੇ ਸਪੀਕਰ ਲੱਗਿਆ ਕਰਦੇ ਸਨ। ਅਸੀਂ ਜਿੱਥੇ ਸਪੀਕਰ ਖੜਕਦਾ ਹੋਣਾ, ਘਰਦਿਆਂ ਦੇ ਛਿੱਤਰਪੌਲਾ ਕਰਨ ਦੇ ਬਾਵਜੂਦ ਵੀ ਉਥੇ ਜਾ ਪਹੁੰਚਣਾ। ਬਚਪਨ ਸੀ, ਘਰਦਿਆਂ ਦੇ ਛਿੱਤਰਾਂ ਦੀ ਕੌਣ ਪ੍ਰਵਾਹ ਕਰਦੈ? ਉਦੋਂ ਤਿੰਨ ਕੁ ਗੀਤਕਾਰ ਹੀ ਮਸ਼ਹੂਰ ਸਨ। ਸਵਰਗੀ ਦੀਦਾਰ ਸੰਧੂ, ਬਾਬੂ ਸਿੰਘ ਮਾਨ, ਮਰਾੜ੍ਹਾਂ ਵਾਲਾ ਅਤੇ ਦੇਵ ਥਰੀਕਿਆਂ ਵਾਲਾ।

ਬਾਈ ਥਰੀਕਿਆਂ ਵਾਲੇ ਦਾ ਲਿਖਿਆ ਅਤੇ ਮਰਹੂਮ ਬਾਈ ਕੁਲਦੀਪ ਮਾਣਕ ਦਾ ਗਾਇਆ “ਜੈਮਲ-ਫੱਤਾ” ਮੈਂ ਖੁਦ ਪਿੰਡ ਦੇ ਸਕੂਲ ਦੀ ਬਾਲ-ਸਭਾ ਵਿਚ ਗਾਉਂਦਾ ਰਿਹਾ ਹਾਂ। ਇਕ ਇਤਫ਼ਾਕ ਹੀ ਹੈ ਕਿ ਅੱਜ ਬਾਈ ਦੇਵ ਥਰੀਕੇ ਵਾਲਾ ਅਤੇ ਬਾਈ ਕੁਲਦੀਪ ਮਾਣਕ ਦੋਨੋਂ ਹੀ ਮੇਰੇ ਪ੍ਰਮ-ਮਿੱਤਰ ਹਨ। ਜਿਗਰੀ-ਮਿੱਤਰ, ਹਮ-ਪਿਆਲਾ, ਹਮ-ਨਿਵਾਲਾ!


ਉਸ ਮੌਕੇ, ਉਹਨੂੰ ਮੌਤ ਨੇ ਵਾਜਾਂ ਮਾਰੀਆਂ-ਸੋਹਣੀਂ ਸੁੱਤੀ ਲਈ ਜਗਾ, ਅੱਲਾ ਬਿਸਮਿੱਲਾ ਤੇਰੀ ਜੁਗਨੀ, ਤੋਤਾ ਢੋਲ ਦਾ ਰੋਵੇ ਤੇ ਕੁਰਲਾਵੇ, ਕਹੇ ਰਸਾਲੂ ਰਾਣੀਏਂ ਨੀ ਗਲ ਬਾਂਹਾਂ ਪਾ ਦੇ…ਆਦਿ ਬੜੇ ਹੀ ਮਸ਼ਹੂਰ ਗੀਤ ਸਨ। ਉਸ ਤੋਂ ਬਾਅਦ ਜਦੋਂ, ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਐ ਹੀਰ ਦੀ, ਛੇਤੀ ਕਰ ਸਰਵਣ ਬੱਚਾ, ਰਾਂਝਾ ਜੋਗੀ ਹੋ ਗਿਆ, ਆਏ ਤਾਂ ਕੁਲਦੀਪ ਮਾਣਕ ਅਤੇ ਦੇਵ ਥਰੀਕੇ ਵਾਲੇ ਦੇ ਨਾਂ ਦਾ ਥਾਂ-ਥਾਂ ਨਗਾਰਾ ਵੱਜ ਗਿਆ। ਫਿਰ, ਕਿਹੜੇ ਬੰਨ੍ਹਣਾ ਸੱਜਣ ਦੇ ਗਾਨਾ-ਨਿੱਕੀ ਨਿੱਕੀ ਕੱਤੇਂ ਲੋਗੜੀ, ਪੱਟੇ ਜਾਣਗੇ ਸਾਧਾਂ ਦੇ ਚੇਲੇ-ਜੱਟੀਏ ਜੇ ਹੋਗੀ ਸਾਧਣੀਂ ਅਤੇ ਰੱਸਾ ਹੋਵੇ ਗੰਢ ਲਾ ਲੀਏ-ਟੁੱਟੀ ਯਾਰੀ ਦਾ ਕੀ ‘ਲਾਜ ਬਣਾਈਏ, ਵਰਗੇ ਗੀਤਾਂ ਨੇ ਤਾਂ ਦੇਵ ਥਰੀਕਿਆਂ ਵਾਲੇ ਦੇ ਪ੍ਰਸ਼ੰਸਕਾਂ ਨੂੰ ਇਕ ਤਰ੍ਹਾਂ ਨਾਲ ਕੀਲ ਕੇ ਬੰਨ੍ਹ ਲਿਆ। ਮੇਰੇ ਵਰਗੇ ਬਚਪਨ ਤੋਂ ਲੈ ਕੇ ਹੁਣ ਤੱਕ ਉਸ ਦੇ ਪ੍ਰਸ਼ੰਸਕ ਹੀ ਤੁਰੇ ਆ ਰਹੇ ਹਨ।

ਡੀ। ਐੱਮ। ਕਾਲਜ ਮੋਗਾ ਜਾ ਕੇ ਮੈਨੂੰ ਪਤਾ ਲੱਗਿਆ ਕਿ ਦੇਵ ਥਰੀਕਿਆਂ ਵਾਲੇ ਦਾ ਪੂਰਾ ਨਾਂ "ਹਰਦੇਵ ਦਿਲਗੀਰ" ਹੈ, ਜਦੋਂ ਮੈਂ ਉਸ ਦਾ ਕਹਾਣੀ-ਸੰਗ੍ਰਹਿ “ਜੈਲਦਾਰਨੀ” ਪੜ੍ਹਿਆ। ਮੈਨੂੰ ਹਾਲੀ ਤੱਕ ਇਹ ਸਮਝ ਨਹੀਂ ਆਈ ਕਿ ਉਹ ਆਪਣੇ ਨਾਂ ਨਾਲ ‘ਦਿਲਗੀਰ’ ਕਿਉਂ ਲਾਈ ਫਿਰਦਾ ਹੈ? ਜਦ ਕਿ ਉਹ ਹਮੇਸ਼ਾ ਹੀ ਮੱਕੀ ਦੀਆਂ ਖਿੱਲਾਂ ਵਾਂਗ ਖਿੜਿਆ ਹੀ ਮਿਲਦਾ ਹੈ! ਬੜੇ ਹੀ ਤਰੋਤਾਜ਼ਾ ਮੂਡ ਵਿਚ!! ਤੇਰ-ਮੇਰ ਤੋਂ ਨਿਰਲੇਪ!! ‘ਮੈਂ’ ਤਾਂ ਉਸ ਵਿਚ ਹੈ ਹੀ ਨਹੀਂ। ਬਾਬੇ ਨਾਨਕ ਵਾਲੀ ‘ਤੂੰ’ ਹੀ ‘ਤੂੰ’ ਹੈ!

ਆਪਣੇ ਨਾਵਲਾਂ ਕਰਕੇ ਮੈਨੂੰ ਮੁਫ਼ਤੋ-ਮੁਫ਼ਤੀ ਵਿਚ ਤਕਰੀਬਨ ਅੱਧਾ ਸੰਸਾਰ ‘ਗਾਹੁੰਣ’ ਦਾ ਮੌਕਾ ਮਿਲਿਆ ਹੈ। ਇਹਨਾਂ ‘ਬਾਹਰਲੀਆਂ’ ਫੇਰੀਆਂ ਦੌਰਾਨ ਮੈਨੂੰ ਬੜੇ ਵੱਡੇ-ਵੱਡੇ ਬੰਦੇ ਮਿਲੇ। ਇਹਨਾਂ ਵਿਚ ਲੇਖਕ, ਕਲਾਕਾਰ, ਐਕਟਰ ਅਤੇ ਗੀਤਕਾਰ ਵੀ ਸ਼ਾਮਲ ਹਨ। ਕਈ ਤਾਂ ਬੜੇ ਮਿੱਠੇ ਅਤੇ ਮਿਲਣਸਾਰ ਹਨ ਅਤੇ ਕਈਆਂ ਦਾ ਤਾਂ ‘ਰੰਘੜ੍ਹਊ’ ਹੀ ਲੋਟ ਨਹੀਂ ਆਉਂਦਾ ਅਤੇ ਧੌਣ ਵਿਚ ਅੜਿਆ ਕਿੱਲਾ ਆਮ ਲੋਕਾਂ ਦੇ ਨੇੜੇ ਨਹੀਂ ਹੋਣ ਦਿੰਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਈ ਬਹੁਤ ਉੱਚ-ਕੋਟੀ ਦੇ ਗਾਇਕ ਅਤੇ ਕਲਾਕਾਰ ਮੇਰੇ ਜਿਗਰੀ-ਮਿੱਤਰ ਹਨ, ਪਰ ਜੋ ਤਸੱਲੀ ਅਤੇ ਸਕੂਨ ਮੈਨੂੰ ਬਾਈ ਦੇਵ ਥਰੀਕਿਆਂ ਵਾਲੇ ਨੂੰ ਮਿਲ ਕੇ ਆਇਆ ਹੈ, ਉਹ ਗੂੰਗੇ ਦੇ ਗੁੜ ਖਾਣ ਵਾਂਗ, ਦੱਸਣ ਤੋਂ ਪਰ੍ਹੇ ਹੈ।

ਸਾਦਾ ਉਹ ਇਤਨਾ ਹੈ ਕਿ ਉਸ ਨੂੰ ਪ੍ਰੋਫ਼ੈਸਰ ਮੋਹਨ ਸਿੰਘ ਦੇ ਮੇਲੇ ‘ਤੇ ਮਾਰੂਤੀ ਕਾਰ ਮਿਲੀ। ਪਰ ਸਫ਼ਰ ਉਸ ਨੇ ਸਾਈਕਲ ‘ਤੇ ਹੀ ਜਾਰੀ ਰੱਖਿਆ, ਕਾਰ ‘ਚ ਬੈਠ ਕੇ ਨਹੀਂ ਦੇਖਿਆ। ਇਕ ਦਿਨ ਮੈਂ ਉਸ ਨੂੰ ਪੁੱਛ ਬੈਠਾ, "ਬਾਈ ਜੀ ਤੁਹਾਡਾ ਮੋਬਾਇਲ ਨੰਬਰ ਕਿੰਨੈਂ?" ਮੈਨੂੰ ਉੱਚੀ-ਉੱਚੀ ਹੱਸ ਕੇ ਕਹਿੰਦਾ, "ਨੰਬਰ ਤਾਂ ਕੁੱਸਾ ਮੈਂ ਤੈਨੂੰ ਤਾਂ ਦੇਵਾਂ, ਜੇ ਮੈਂ ਕਦੇ ਮੋਬਾਇਲ ਕਦੇ ਰੱਖਿਆ ਹੋਵੇ?" ਜਿਸ ਬੰਦੇ ਨੂੰ ਉਸ ਦੇ ਗੀਤਾਂ ਦੀ ਇਤਨੀ ਰਾਇਲਟੀ ਮਿਲਦੀ ਹੋਵੇ, ਹਰ ਪੱਖੋਂ ਖੁਸ਼ਹਾਲ ਹੋਵੇ, ਤੇ ਉਹ ਅੱਜ ਕੱਲ੍ਹ ਦੇ ਜ਼ਮਾਨੇ ਵਿਚ ਮੋਬਾਇਲ ਫ਼ੋਨ ਨਾ ਰੱਖੇ? ਇਹ ਥਰੀਕਿਆਂ ਵਾਲੇ ਦੀ ਸਾਦਗੀ ਨਹੀਂ ਤਾਂ ਹੋਰ ਕੀ ਐ?  ਹੁਣ ਤਾਂ ਪੰਜਾਬ ਦੇ ਜੱਟ ਵੀ ਮੋਬਾਇਲ ਜੇਬ ਵਿਚ ਪਾ ਕੇ ਖੇਤ ਪੱਠੇ ਵੱਢਣ ਜਾਂਦੇ ਹਨ। ਹੁਣ ਤਾਂ ਮੇਰੇ ਬਾਪੂ ਜੀ ਚੜ੍ਹਾਈ ਕਰ ਗਏ। ਜਦੋਂ ਮੈਂ ਭਾਰਤ ਜਾਂਦਾ ਸਾਂ ਤਾਂ, ਮੇਰੇ ਬਾਪੂ ਜੀ ਦੀ ਬੱਸ ਇੱਕੋ ਮੰਗ ਹੀ ਹੁੰਦੀ ਸੀ, "ਹੋਰ ਕੁਛ ਨ੍ਹੀ ਚਾਹੀਦਾ ਸ਼ੇਰਾ-ਇਕ ਨਵਾਂ ਮੋਬੈਲ ਲਈ ਆਈਂ-ਪਹਿਲਾਂ ਆਲਾ ਤੰਗ ਜਿਆ ਕਰਨ ਲੱਗ ਪਿਆ!" ਨਾਲੇ ਮੇਰੇ ਬਜੁਰਗਾਂ ਨੂੰ ‘ਹਰੇ’ ਅਤੇ ‘ਲਾਲ’ ਬਟਨ ਦੱਬਣ ਤੋਂ ਬਿਨਾ ਕੁਝ ਨਹੀਂ ਸੀ ਆਉਂਦਾ। ਜਦੋਂ ‘ਟਿੰਗ-ਟਿੰਗ’ ਹੋਈ ਹਰਾ ਬਟਨ ਨੱਪ ਕੇ ਸੁਣ ਲਿਆ, ਜਦੋਂ ਅਗਲੇ ਨੇ ‘ਓ੍ਹਕੇ’ ਕਰ ਦਿੱਤੀ ਤਾਂ ਲਾਲ ਬਟਨ ਦੱਬ ਕੇ ਬੰਦ ਕਰ ਦਿੱਤਾ। ਬੱਸ ਇਤਨੀ ਕੁ ਹੀ ਤਕਨੀਕ ਜਰੂਰ ਹਾਸਲ ਸੀ!

ਅਗਸਤ 2003 ਵਿਚ ਮੈਨੂੰ ਮਸ਼ਹੂਰ ਸੰਸਥਾ ‘ਪੰਜਾਬੀ ਸੱਥ ਲਾਂਬੜਾ’ ਵੱਲੋਂ ਨਾਨਕ ਸਿੰਘ ਨਾਵਲਿਸਟ ਪੁਰਸਕਾਰ ਦੇਣ ਦਾ ਫ਼ੈਸਲਾ ਹੋਇਆ। ਇੰਗਲੈਂਡ ਤੋਂ ਸ਼ ਮੋਤਾ ਸਿੰਘ ਸਰਾਏ ਦਾ ਸੱਦਾ-ਪੱਤਰ ਮਿਲਿਆ। ਉਦੋਂ ਮੈਂ ਆਸਟਰੀਆ ਦਾ ਵਸਨੀਕ ਸੀ, ਇੰਗਲੈਂਡ ਤਾਂ ਮੈਂ ਮਈ 2006 ਵਿਚ ਆ ਕੇ ਵਸਿਆ ਹਾਂ। ਖ਼ੈਰ, ਮੈਂ ਆਸਟਰੀਆ ਤੋਂ ਫ਼ਲਾਈਟ ਲੈ ਕੇ ਲੰਡਨ ਦੇ ਸਟੈੱਨਸਟੈੱਡ ਏਅਰਪੋਰਟ ‘ਤੇ ਜਾ ਉਤਰਿਆ, ਕਿਉਂਕਿ ਇਹ ਪੁਰਸਕਾਰ ਇੰਗਲੈਂਡ ਦੇ ‘ਵਿਨਲਹਾਲ’ ਸ਼ਹਿਰ ਵਿਖੇ ਦਿੱਤਾ ਜਾਣਾ ਸੀ। ਲਾਂਬੜਾ ਸੱਥ ਦੇ ਡਾਕਟਰ ਨਿਰਮਲ ਸਿੰਘ ਹੁਰੀਂ ਪਹਿਲਾਂ ਹੀ ਇੰਗਲੈਂਡ ਪੁੱਜ ਚੁੱਕੇ ਸਨ। ਏਅਰਪੋਰਟ ਉਪਰ ਮੇਰੇ ਮਿੱਤਰ ਪ੍ਰੋਫ਼ੈਸਰ ਮੋਤਾ ਸਿੰਘ ਸਰਾਏ ਮੈਨੂੰ ਲੈਣ ਆਏ ਹੋਏ ਸਨ। ਉਹ ਮੈਨੂੰ ਸ੍ਰ: ਕੇਵਲ ਸਿੰਘ ਜੀ ਘੱਗ ਦੇ ਘਰ ਲੈ ਗਏ। ਉਥੇ ਅਸੀਂ ਦੁਪਿਹਰ ਦਾ ਖਾਣਾ ਖਾਧਾ। ਪਹਿਲਾਂ ਹੀ ਬਣਾਏ ਪ੍ਰੋਗਰਾਮ ਮੁਤਾਬਿਕ ਉਥੇ ਮੇਰਾ ਆੜੀ ਰਣਜੀਤ ਸਿੰਘ ‘ਰਾਣਾ’, ਮੁੱਖ ਸੰਪਾਦਕ ‘ਸਾਹਿਬ’ ਆ ਪ੍ਰਗਟ ਹੋਇਆ। ਚਾਹ ਪੀਣ ਤੋਂ ਬਾਅਦ ਅਸੀਂ ਉਸ ਦੀ ਕਾਰ ਵਿਚ ਬੈਠ ਬ੍ਰਮਿੰਘਮ ਨੂੰ ਚੱਲ ਪਏ।

ਰਸਤੇ ਵਿਚ ਉਸ ਨੇ ਮੈਨੂੰ ਦੇਵ ਥਰੀਕਿਆਂ ਵਾਲੇ ਦੇ ਆਏ ਹੋਣ ਬਾਰੇ ਦੱਸਿਆ।

"ਰਸਤੇ ਵਿਚ ਥਰੀਕਿਆਂ ਵਾਲੇ ਨੂੰ ਨਾ ਮਿਲ ਚੱਲੀਏ?" ਰਾਣੇ ਨੇ ਪੁੱਛਿਆ। ਪਰ ਮੈਂ ਕੁਝ ਝਿਜਕ ਜਿਹੀ ਦਿਖਾਈ। ਮੈਂ ਥਰੀਕਿਆਂ ਵਾਲੇ ਨੂੰ ਪਹਿਲਾਂ ਕਦੇ ਨਹੀਂ ਮਿਲਿਆ ਸੀ। ਪਤਾ ਨਹੀਂ ਕਿਹੋ ਜਿਹੇ ਮਤੇ ਦਾ ਬੰਦਾ ਹੋਵੇਗਾ? ਮੇਰਾ ਮਨ ਥਿੜਕ ਰਿਹਾ ਸੀ, ਕਿਉਂਕਿ ਪਾਖੰਡੀ, ਹੰਕਾਰੀ, ਨਿੰਦਕ ਅਤੇ ਵੱਡੀਆਂ ਨਾਸਾਂ ਵਾਲੇ ਬੰਦਿਆਂ ਤੋਂ ਮੈਂ ਹਮੇਸ਼ਾ ਹੀ ਪਾਸਾ ਵੱਟਦਾ ਹਾਂ। ਗਿੱਦੜਮਾਰ ਬੰਦੇ ਮੈਨੂੰ ਉਂਜ ਹੀ ਨਹੀਂ ਭਾਉਂਦੇ। ਗਿੱਦੜਮਾਰ ਕਹਿਣ ਦਾ ਮਤਲਬ, ਦੱਬਵੇਂ ਜਿਹੇ ਪੈਰੀਂ ਅਗਲੇ ਵੱਲ ਮਿਹਰ ਜਿਹੀ ਦੀ ਨਜ਼ਰ ਨਾਲ ਤੱਕਦੇ ਤੁਰੇ ਆਉਣਾ ਅਤੇ ਨੇੜੇ ਆ ਕੇ ਸਿਰ ‘ਚ ਟੰਬਾ ਮਾਰ ਕੇ ਟੇਢਾ ਕਰ ਦੇਣਾ!

"ਯਾਰ ਤੂੰ ਬੰਦੇ ਨੂੰ ਮਿਲ ਕੇ ਤਾਂ ਦੇਖ! ਰੂਹ ਖੁਸ਼ ਹੋ ਜਾਂਦੀ ਐ ਮਿਲ਼ ਕੇ।" ਰਾਣੇ ਨੇ ਮੇਰੀ ਦੋਚਿੱਤੀ ਤੋੜੀ। ਮੈਂ ਰਾਣੇ ਦੇ ਹੱਲਾਸ਼ੇਰੀ ਦੇਣ ‘ਤੇ ਸਹਿਮਤ ਹੋ ਗਿਆ। ਰਾਣੇ ਨੇ ਆਪਣੀ ਕਾਰ, ਗਾਇਕ ਅਤੇ ਥਰੀਕਿਆਂ ਵਾਲੇ ਦੇ ਸ਼ਾਗਿਰਦ ਐੱਮ। ਸੀ। ‘ਕਰਣ’ ਦੇ ਘਰ ਅੱਗੇ ਜਾ ਲਾਈ। ਅੰਦਰ ਜਾ ਕੇ ਰਾਣੇ ਨੇ ਸਾਡੀ ਜਾਣ-ਪਹਿਚਾਣ ਕਰਵਾਈ ਤਾਂ ਦੇਵ ਥਰੀਕਿਆਂ ਵਾਲੇ ਨੇ ਮੈਨੂੰ ਗਲਵਕੜੀ ਆ ਪਾਈ।

"ਕੁੱਸਾ, ਤੈਨੂੰ ਤਾਂ ਮੈਂ ਦਸਾਂ ਸਾਲਾਂ ਤੋਂ ਪੜ੍ਹਦਾ ਆਉਨੈਂ!" ਥਰੀਕਿਆਂ ਵਾਲਾ ਮੈਨੂੰ ਸੰਬੋਧਨ ਹੁੰਦਾ ਹੋਇਆ ਬੋਲਿਆ। ਉਸ ਦੇ ਇਹ ਬੋਲ ਮੇਰੇ ਲਈ ਸਭ ਤੋਂ ਵੱਡਾ ‘ਪੁਰਸਕਾਰ’ ਸਨ।

"ਇਹਨੂੰ ਪੜ੍ਹਦਾ ਆਉਨੈਂ ਕਿ ਇਹਦੇ ਨਾਵਲਾਂ ਨੂੰ?" ਰਾਣੇ ਨੇ ਟਾਂਚ ਕੀਤੀ।

"ਮੈਂ ਬਾਈ ਜੀ ਤੁਹਾਡੇ ਲਿਖੇ ਗੀਤਾਂ ਨੂੰ ਬਚਪਨ ਤੋਂ ਈ ਸੁਣਦਾ ਆਉਨੈਂ!" ਮੇਰੇ ਉੱਤਰ ‘ਤੇ ਸਾਰੇ ਹੀ ਹੱਸ ਪਏ।

"ਦੋ ਲੇਖਕ ਅਤੇ ਦੋਵੇਂ ਇਕ ਦੂਜੇ ਦੇ ਪ੍ਰਸ਼ੰਸਕ? ਦੇਖਿਓ ਕੋਈ ਭੂਚਾਲ ਨਾ ਲਿਆ ਦਿਓ ਬਾਬਾ!" ਰਾਣੇ ਨੇ ਆਦਤ ਅਨੁਸਾਰ ਹੱਸ ਕੇ ਸਾਡੀ ਖਿੱਲੀ ਉਡਾਈ। ਹਰ ਗੱਲ ਨੂੰ ਹਾਸੇ ਵਿਚ ਪਾਉਣਾ ਰਾਣੇ ਦੀ ਮੀਰੀ ਸਿਫ਼ਤ ਹੈ।

ਇਹ ਦੇਵ ਥਰੀਕੇ ਨਾਲ ਮੇਰੀ ਪਹਿਲੀ ਮਿਲਣੀ ਸੀ। ਇਸ ਪਹਿਲੀ ਮਿਲਣ-ਵਾਰਤਾ ਨੇ ਮੇਰੇ ਅੰਦਰ ਵਿਸ਼ਵਾਸ ਭਰ ਦਿੱਤਾ ਕਿ ਹਰਦੇਵ ਦਿਲਗੀਰ ਨਿਮਰਤਾ-ਰੂਹ, ਯਾਰਾਂ ਦਾ ਯਾਰ ਅਤੇ ਦਰਵੇਸ਼ ਮੂਰਤ ਹੈ। ਹਾਉਮੈ ਉਸ ਤੋਂ ਕਰੋੜਾਂ ਮੀਲ ਦੂਰ ਹੈ। ਉਸ ਦੇ ਅੰਦਰ ਮਾਣ ਨਾਂ ਦੀ ਕੋਈ ਚੀਜ਼ ਹੀ ਨਹੀਂ! ਉਸ ਅੰਦਰ ਕੋਈ ਅਫ਼ਰੇਵਾਂ ਨਹੀਂ ਕਿ ਦੇਵ ਥਰੀਕੇ ਵਾਲੇ ਨੂੰ ਦੁਨੀਆਂ ਦੇ ਹਰ ਕੋਨੇ ਵਿਚ ਬੈਠਾ, ਹਰ ਪੰਜਾਬੀ ਜਾਣਦਾ ਹੈ ਅਤੇ ਉਹ ਵਿਸ਼ਵ-ਪੱਧਰ ‘ਤੇ ਮਸ਼ਹੂਰ ਬੰਦਾ ਹੈ। ਮੇਰੀ ਸੋਚ ਅਨੁਸਾਰ ਜੇ ਕੋਈ ਪੰਜਾਬੀ ਕਹਿੰਦਾ ਹੈ ਕਿ ਮੈਂ ਦੇਵ ਥਰੀਕੇ ਵਾਲੇ ਨੂੰ ਨਹੀਂ ਜਾਣਦਾ, ਤਾਂ ਮੇਰੀ ਨਜ਼ਰ ਵਿਚ ਉਹ ‘ਪੰਜਾਬੀ’ ਹੀ ਨਹੀਂ! ਨਿਰਸੰਦੇਹ ਦੇਵ ਥਰੀਕੇ ਪੰਜਾਬੀ ਗਾਇਕੀ ਦਾ ਇਕ ਜਿਉਂਦਾ ਜਾਗਦਾ ਯੁੱਗ ਹੈ।

ਮੈਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਦੇਵ ਨੂੰ ਪਹਿਲੀ ਵਾਰ ਮਿਲਿਆ ਹਾਂ। ਉਸ ਮਰਦ-ਬੱਚੇ ਨੂੰ ਮਿਲ ਕੇ ਮੈਂ ਅਹਿਸਾਸ ਕੀਤਾ ਕਿ ਦੇਵ ਨੂੰ ਤਾਂ ਮੈਂ ਜੁੱਗੜਿਆਂ ਤੋਂ ਜਾਣਦਾ ਹਾਂ ਅਤੇ ਦੇਵ ਮੈਨੂੰ ਜੁੱਗੜਿਆਂ ਤੋਂ ਜਾਣਦਾ ਹੈ! ਮੇਰਾ 16 ਸਾਲ ਦਾ, ਯੂਰਪ ਵਿਚ ਜੰਮਿਆਂ ਪਲ਼ਿਆ ਅਤੇ ਸ਼ਰਾਰਤੀ ਪੁੱਤਰ ਕਬੀਰ ਉਸ ਦੇ ਲਿਖੇ ਗੀਤ "ਆਖੇ ਅਕਬਰ ਬਾਦਸ਼ਾਹ , ਸੱਦ ਜੈਮਲ ਨੂੰ ਦਰਬਾਰ…!" ਵਰਗੇ ਗੀਤ ਆਮ ਹੀ ਸੁਣਦਾ ਰਹਿੰਦਾ ਹੈ। ਜਦੋਂ ਉਹ ਪਿਛਲੇ ਸਾਲ ਪੰਜਾਬ ਗਿਆ ਤਾਂ ਦੇਵ ਥਰੀਕੇ ਨੇ ਉਸ ਨੂੰ ਸਾਡੇ ਪਿੰਡ ਫ਼ੋਨ ਕੀਤਾ। ਦੇਵ ਨੇ ਕਿਸੇ ਗੀਤ ਦਾ ਮੁਖੜਾ ਹੀ ਬੋਲਿਆ ਅਤੇ ਕਬੀਰ ਨੇ ਉਸ ਨੂੰ ਸਾਰਾ ਗੀਤ ਹੀ ਫ਼ੋਨ ‘ਤੇ ਸੁਣਾ ਦਿੱਤਾ। ਦੇਵ ਬੜਾ ਖ਼ੁਸ਼ ਹੋਇਆ, "ਉਏ ਤੂੰ ਤਾਂ ਪਿਉ ਨਾਲ਼ੋਂ ਵੀ ਦੋ ਰੱਤੀਆਂ ਉਤੋਂ ਦੀ ਐਂ…!"

ਅਗਲੇ ਦਿਨ ਮੈਨੂੰ ‘ਪੰਜਾਬੀ ਸੱਥ ਲਾਂਬੜਾ’ ਵੱਲੋਂ ‘ਨਾਨਕ ਸਿੰਘ ਨਾਵਲਿਸਟ ਪੁਰਸਕਾਰ’ ਦਿੱਤਾ ਜਾਣਾ ਸੀ। ਪ੍ਰਧਾਨਗੀ ਮੰਚ ਉਪਰ ਮੈਂ, ਡਾਕਟਰ ਨਿਰਮਲ ਸਿੰਘ ਚੇਅਰਮੈਨ ਪੰਜਾਬੀ ਸੱਥ ਲਾਂਬੜਾ, ਬੀਬੀ ਗੁਰਦੇਵ ਕੌਰ ਪ੍ਰਧਾਨ ਨਾਰੀ ਮੰਚ ਇੰਗਲੈਂਡ, ਬਲਿਹਾਰ ਸਿੰਘ ਰੰਧਾਵਾ ਮੁੱਖ ਸੰਪਾਦਕ ਪੰਜਾਬੀ ਵਿਰਸਾ ਅਤੇ ਦੇਵ ਥਰੀਕੇ ਵਾਲਾ ਬੈਠੇ ਸਾਂ। ਚਾਹੇ ਉਦੋਂ ਮੈਂ ਅੰਤਾਂ ਦੀ ਬਿਮਾਰੀ ਵਿਚੋਂ ਉਠਿਆ ਸੀ ਅਤੇ ਮਰਨੋਂ ਹੀ ਬਚਿਆ ਸੀ, ਪਰ ਮੇਰਾ ਮਨ ਅਤੀਅੰਤ ਖੁਸ਼ ਸੀ ਕਿ ਜਿਹੜੇ ਇਨਸਾਨ ਨੂੰ ਮੈਂ ਬਚਪਨ ਵਿਚ, ਸਕੂਲ ਟਾਈਮ ਜਾਂ ਕਾਲਜ ਟਾਈਮ ‘ਤੇ ਦੇਖਣ ਨੂੰ ਤਰਸਦਾ ਸੀ, ਉਹ ਮੇਰੇ ਬਰਾਬਰ ਪ੍ਰਧਾਨਗੀ ਮੰਚ ਉਪਰ ਸ਼ਸ਼ੋਭਿਤ ਸੀ। ਉਥੇ ਮੈਂ ਸਟੇਜ਼ ‘ਤੇ ਬੋਲਦਿਆਂ ਕਿਹਾ ਸੀ, "ਅੱਜ ਮੇਰੇ ਲਈ ਇਤਨਾ ਭਾਗਾਂ ਭਰਿਆ ਦਿਨ ਹੈ ਕਿ ਜਿਹੜੀਆਂ ਹਸਤੀਆਂ ਨੂੰ ਮੇਰੀਆਂ ਅੱਖਾਂ ਦੇਖਣ ਲਈ ਤਰਸਦੀਆਂ ਸਨ-ਅੱਜ ਉਹੀ ਹਸਤੀਆਂ ਮੇਰੇ ਬਰਾਬਰ ਮੰਚ ਉਪਰ ਬਿਰਾਜਮਾਨ ਹਨ!" ਰਾਣੇ ਨੇ ਆਦਤ ਮੂਜਵ ਹੌਲੀ ਕੁ ਦੇਣੇ ਟਕੋਰ ਕੀਤੀ, "ਇਹ ਤੇਰੇ ਨਾਵਲਾਂ ਕਰਕੇ ਈ ਐ-ਨਹੀਂ ਬਾਬਾ ਤੈਨੂੰ ਕਿੱਥੇ ਮਿਲਦੇ ਸੀ ਇਹੇ…!" ਸਵਰਗੀ ਡਾਕਟਰ ਚੰਨਣ ਸਿੰਘ ਚੰਨ ਅਤੇ ਪ੍ਰੋਫ਼ੈਸਰ ਸੁਰਜੀਤ ਸਿੰਘ ਕਾਲੜਾ ਹੱਸ ਪਏ। ਬਾਬਾ ਤੇਜਾ ਸਿੰਘ ਜੀ ਤੇਜ, ਕੋਟਲੇ ਵਾਲੇ ਅਤੇ ਤਾਰਾ ਸਿੰਘ ਤਾਰਾ ਨੇ ਵੀ ਕੁਛ ਕਿਹਾ। ਪਰ ਮੈਨੂੰ ਨਹੀਂ ਸੁਣ ਸਕਿਆ, ਕਿਉਂਕਿ ਦੂਰ ਬੈਠੇ ਸਨ।

ਦੇਵ ਥਰੀਕੇ ਨੇ ਮੇਰੇ ਪੰਜਾਬ ਦੇ ਦੁਖਾਂਤ ਉਪਰ ਲਿਖੇ ਨਾਵਲਾਂ: ਪੁਰਜਾ ਪੁਰਜਾ ਕਟਿ ਮਰੈ, ਤਵੀ ਤੋਂ ਤਲਵਾਰ ਤੱਕ ਅਤੇ ਬਾਰ੍ਹੀਂ ਕੋਹੀਂ ਬਲ਼ਦਾ ਦੀਵਾ ਬਾਰੇ ਸੰਖੇਪ ਵਾਰਤਾ ਕਰਕੇ, ਆਪਣਾ ਇਕ ਗੀਤ ਸੁਣਾਇਆ:

"ਜਦੋਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ,
ਉਦੋਂ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ…!"

ਇਸ ਸਮਾਗਮ ਵਿਚ ਮੇਰਾ ਬੇਲੀ ਪ੍ਰੋਫ਼ੈਸਰ ਨਿਰਮਲ ਸਿੰਘ ਜੌੜਾ ਅਤੇ ਬਾਬਾ ਫ਼ਰੀਦ ਫ਼ਾਊਂਡੇਸ਼ਨ ਦੇ ਚੇਅਰਮੈਨ ਸ੍ਰ: ਪ੍ਰੀਤਮ ਸਿੰਘ ਭੈਰੋਵਾਲ ਵੀ ਭਾਰਤ ਤੋਂ ਉਚੇਚੇ ਤੌਰ ‘ਤੇ ਪੁੱਜੇ ਹੋਏ ਸਨ।

ਜਦੋਂ ਦੇਵ ਚਿੱਠੀ ਲਿਖਦਾ ਹੈ ਤਾਂ ਉਸ ਦੀ ਸ਼ੁਰੂਆਤ, "ਦੂਰ ਵਸੇਂਦੇ ਅਤੇ ਦਿਲ ਦੇ ਨੇੜੇ ਰਹਿੰਦੇ ਮਿੱਤਰਾ!" ਤੋਂ ਹੁੰਦੀ ਹੈ। ਚਿੱਠੀ ਵਿਚ ਬਜ਼ੁਰਗਾਂ ਵਾਂਗ ਅਸੀਸਾਂ ਦੀ ਛਹਿਬਰ ਲਾਈ ਹੁੰਦੀ ਹੈ। ਫ਼ੋਨ ਕਰੀਏ ਤਾਂ ਹੱਸਦਾ ਹੀ ਰਹਿੰਦਾ ਹੈ। ਮੈਨੂੰ ਉਹ ਕਦੇ ਬਿਗਾਨਾ ਲੱਗਿਆ ਹੀ ਨਹੀਂ। ਭਰਾਵਾਂ, ਵੱਡੇ ਭਰਾਵਾਂ ਵਾਂਗ ਗੱਲਾਂ ਕਰਦਾ ਹੈ। ਜਦੋਂ ਸਾਡੀ ਮਹਿਫ਼ਲ ਜੁੜਦੀ ਹੈ ਤਾਂ ਮੈਨੂੰ ਇੰਜ ਲੱਗਦਾ ਹੈ, ਜਿਵੇਂ ਅਸੀਂ ਇਕੱਠੇ ਪੜ੍ਹਦੇ ਰਹੇ ਹੋਈਏ?

ਪਿੱਛੇ ਜਿਹੇ ਅਕਤੂਬਰ ਵਿਚ ਉਸ ਨੇ ਇੰਗਲੈਂਡ ਆਉਣਾ ਸੀ। ਪਰ ਪਤਾ ਲੱਗਿਆ ਕਿ ਨਹੀਂ ਆ ਰਿਹਾ। ਕਾਰਨ ਪੁੱਛਣ ਲਈ ਮੈਂ ਉਸ ਦੇ ਘਰੇ ਫ਼ੋਨ ਕੀਤਾ, ਕਿਉਂਕਿ ਮੇਰੀ ਵੀ ਆਸਟਰੀਆ ਤੋਂ ਇੰਗਲੈਂਡ ਜਾਣ ਦੀ ਪੂਰੀ ਤਿਆਰੀ ਖਿੱਚੀ ਹੋਈ ਸੀ, ਤਾਂ ਬੜੀ ਢਿੱਲੀ ਜਿਹੀ ਅਵਾਜ਼ ਵਿਚ ਬੋਲਿਆ। ਬੜੀ ਹੈਰਾਨਗੀ ਹੋਈ ਕਿ ਬੜ੍ਹਕਾਂ ਮਾਰਨ ਵਾਲਾ ਦੇਵ ਅੱਜ ‘ਖੁੱਸੀ-ਖੁੱਸੀ’ ਜਿਹੀ ਅਵਾਜ਼ ਵਿਚ ਕਿਉਂ ਗੱਲ ਕਰ ਰਿਹਾ ਹੈ? ਮੈਂ ਵਿਅੰਗ ਜਿਹੇ ਨਾਲ ਪੁੱਛਿਆ, "ਬਾਈ ਜੀ ਕਿਵੇਂ ਪੈਂਚਰ ਜਿਹੇ ਹੋਏ ਬੋਲਦੇ ਓਂ…?" ਤਾਂ ਉਹ ਅੱਗੋਂ ਬੋਲਿਆ, "ਕੀ ਦੱਸਾਂ ਜੱਗੀ ਮੇਰੀ ਬਾਂਹ ਟੁੱਟਗੀ-ਬਹੁਤ ਦੁਖੀ ਆਂ ਯਾਰ-ਆਬਦੀ ਕੋਈ ਕਿਤਾਬ ਕਤੂਬ ਭੇਜ-ਮੇਰਾ ਟੈਮ ਨੰਘਜੂ…!" ਸੁਣ ਕੇ ਬੜਾ ਦੁੱਖ ਹੋਇਆ, "ਅੱਖ ਮੇਰੇ ਯਾਰ ਦੀ ਦੁਖੇ-ਲਾਲੀ ਮੇਰੀਆਂ ਅੱਖਾਂ ਵਿਚ ਰੜਕੇ…!" ਗੀਤ ਮੇਰੇ ਦਿਮਾਗ ਵਿਚ ਖੌਰੂ ਪਾਉਣ ਲੱਗ ਪਿਆ ਸੀ। ਸੋਚਿਆ, ਕੀ ਹੋ ਗਿਆ ਦੇਵ ਤਕਰੀਬਨ ਮੇਰੇ ਬਾਪ ਦਾ ਹਾਣੀ ਹੈ? ਹੈ ਤਾਂ ਆਖਰ ਮੇਰਾ ਯਾਰ ਹੀ! ਤੇ ਯਾਰੀ ਵਿਚ ਉਮਰ ਨਹੀਂ ਦੇਖੀ ਜਾਂਦੀ। ਖ਼ੈਰ! ਮੈਂ ਕਿਤਾਬਾਂ ਭਿਜਵਾਉਣ ਦਾ ਵਾਅਦਾ ਕਰਕੇ ਅਤੇ ਦੋ-ਚਾਰ ਗੱਲਾਂ ਕਰਕੇ ਫ਼ੋਨ ਰੱਖ ਦਿੱਤਾ।

ਇਸ ਬਾਬੇ ਬੋਹੜ ਗੀਤਕਾਰ ਅਤੇ ਲੋਕ ਗਾਥਾਵਾਂ ਦਾ ਸੁੱਚਾ ਉਲੇਖ ਕਰਨ ਵਾਲ਼ੇ ਦੇਵ ਥਰੀਕੇ ਦੇ ਨਾਂ ‘ਤੇ ਇੰਗਲੈਂਡ ਵਿਚ ਪੰਜਾਬੀ ਸਪੂਤਾਂ, ਸ਼ ਸੁਖਦੇਵ ਸਿੰਘ ਅਟਵਾਲ਼ (ਸੋਖਾ ਉਦੋਪੁਰੀਆ) ਅਤੇ ਤਾਰੀ ਬਿਧੀਪੁਰੀਏ ਨੇ ਉਸ ਦੇ ਜਿਉਂਦੇ ਜੀਅ "ਦੇਵ ਥਰੀਕਿਆਂ ਵਾਲਾ ਐਪਰੀਸੇਸ਼ਨ ਸੁਸਾਇਟੀ" ਸਥਾਪਿਤ ਕੀਤੀ ਹੈ। ਇਹ ਵਾਕਿਆ ਹੀ ਇਕ ਸਲ਼ਾਘਾਯੋਗ ਉਦਮ ਹੈ। ਮਰਿਆਂ ਤੋਂ ਬਾਅਦ ਤਾਂ ਹਰ ਕੋਈ ਮੇਲੇ-ਮਕਬਰੇ ਲਾਉਣ ਲੱਗ ਪੈਂਦਾ ਹੈ। ਪਰ ਬਾਈ ਦੇਵ ਦੇ ਜਿਉਂਦੇ ਜੀਅ ਇਸ ਸੰਸਥਾ ਦੀ ਸਥਾਪਨਾ ਕਰਨਾ ਇਕ ਜਿਉਂਦੀ ਜਾਗਦੀ ਕੌਮ ਅਤੇ ਮਾਂ-ਬੋਲੀ ਦੇ ਮਹਾਨ ਸਪੂਤਾਂ ਦੀ ਜਾਗਰੂਕਤਾ ਦਾ ਪ੍ਰਤੀਕ ਹੈ। ਇਸ ਲਈ ਸੋਖਾ ਉਦੋਪੁਰੀਆ ਅਤੇ ਤਾਰੀ ਬਿਧੀਪੁਰੀਆ ਵਧਾਈ ਅਤੇ ਧੰਨਵਾਦ ਦੇ ਹੱਕਦਾਰ ਹਨ! ਹਰਦੇਵ ਦਿਲਗੀਰ ਦੇ ਲਿਖੇ ਗੀਤ ਸਦੀਵੀ-ਕਾਲ ਤੱਕ ਅਮਰ ਰਹਿਣਗੇ ਅਤੇ ਨਾਲ ਹੀ ਬਰਕਰਾਰ ਰਹੇਗਾ: ਦੇਵ ਥਰੀਕਿਆਂ ਵਾਲਾ! ਅਕਾਲ ਪੁਰਖ਼ ਅੱਗੇ ਇਹ ਹੀ ਦੁਆ ਹੈ ਕਿ ਸਾਡੇ ਰਮਤੇ-ਫ਼ਕੀਰ ਬਾਈ ਦੀ ਉਮਰ ਉਸ ਦੇ ਗੀਤਾਂ ਜਿੱਡੀ ਹੀ ਹੋਵੇ!

ਹੋਰ ਪੜੋ...

ਆਓ ਜੀ, ਜੀ ਆਇਆਂ ਨੂੰ !!!